ਪਹਿਲੇ ਸਾਲ ਵਿੱਚ ਬੱਚੇ ਦੇ ਵਿਕਾਸ ਲਈ ਖੇਡਣ ਦੇ 5 ਸੌਖੇ ਸੁਝਾਅ

1. ਗੀਤ ਅਤੇ ਤੁਕਬੰਦੀਆਂ
ਬੱਚੇ ਨਾਲ ਉਂਗਲਾਂ ਗਿਣਨ ਵਾਲੀਆਂ ਅਤੇ ਹਥੇਲੀ ’ਤੇ ਗੋਲ ਚੱਕਰ ਬਣਾਉਣ ਵਾਲੀਆਂ ਖੇਡਾਂ ਖੇਡੋ। ਬੱਚਾ ਸਿੱਖੇਗਾ ਕਿ ਸਰੀਰ ਕਿਵੇਂ ਹਿੱਲਦਾ ਹੈ ਅਤੇ ਅਗਲੀ ਹਰਕਤ ਦੀ ਉਡੀਕ ਕਰਨਾ ਸਿੱਖੇਗਾ। ਹਰ ਪਰਿਵਾਰ ਇਹ ਖੇਡਾਂ ਆਪਣੇ ਤਰੀਕੇ ਨਾਲ ਖੇਡਦਾ ਹੈ, ਪਰ ਸਿੱਖਿਆ ਇੱਕੋ ਜਿਹੀ ਹੁੰਦੀ ਹੈ।
ਉਂਗਲਾਂ ਦੀ ਖੇਡ: ਬੱਚੇ ਦਾ ਪੈਰ ਫੜੋ ਅਤੇ ਹਰ ਉਂਗਲ ਨੂੰ ਹਿਲਾਉਂਦੇ ਹੋਏ ਇੱਕ ਛੋਟੀ ਤੁਕਬੰਦੀ ਬੋਲੋ, ਇੱਕ ਉਂਗਲ ਤੋਂ ਦੂਜੀ ਤੱਕ। ਅਖੀਰ ’ਤੇ ਲੱਤ ਅਤੇ ਢਿੱਡ ਤੋਂ ਹੁੰਦੇ ਹੋਏ ਕੱਛ ਜਾਂ ਗਰਦਨ ਤੱਕ ਕੁਤਕੁਤਾਰੀਆਂ ਕੱਢੋ।
ਹਥੇਲੀ ’ਤੇ ਚੱਕਰ: ਬੱਚੇ ਦਾ ਹੱਥ ਹਥੇਲੀ ਉੱਪਰ ਕਰਕੇ ਫੜੋ। ਆਪਣੀ ਉਂਗਲ ਨਾਲ ਹਥੇਲੀ ’ਤੇ ਗੋਲ ਚੱਕਰ ਬਣਾਓ ਅਤੇ ਬੋਲੋ "ਗੋਲ-ਗੋਲ ਘੁੰਮੇ ਭਾਲੂ, ਇੱਕ ਕਦਮ, ਦੋ ਕਦਮ, ਕੁਤਕੁਤਾਰੀ ਇੱਥੇ!" ਹਰ ਕਦਮ ਨਾਲ ਕੱਛ ਵੱਲ ਵਧੋ ਅਤੇ ਹੌਲੀ ਜਿਹੀ ਕੁਤਕੁਤਾਰੀ ਕੱਢੋ। "ਫਿਰ ਤੋਂ?" ਪੁੱਛੋ ਤਾਂ ਜੋ ਬੱਚਾ ਸਮਝੇ ਅਤੇ ਖੇਡ ਵਿੱਚ ਹਿੱਸਾ ਲਵੇ।

2. ਲਿਫ਼ਟ ਅਤੇ ਘੋੜੇ ਦੀ ਸਵਾਰੀ
ਲਿਫ਼ਟ ਅਤੇ ਘੋੜੇ ਦੀ ਸਵਾਰੀ ਵਾਲੀਆਂ ਖੇਡਾਂ ਮਾਪਿਆਂ ਅਤੇ ਬੱਚੇ ਵਿਚਕਾਰ ਪਿਆਰ ਅਤੇ ਭਰੋਸਾ ਵਧਾਉਂਦੀਆਂ ਹਨ। ਖੇਡਦੇ ਸਮੇਂ ਤੁਕਬੰਦੀਆਂ ਬੋਲਣ ਨਾਲ ਮਜ਼ਾ ਵਧਦਾ ਹੈ ਅਤੇ ਭਾਸ਼ਾ ਦਾ ਵਿਕਾਸ ਹੁੰਦਾ ਹੈ।
ਘੋੜੇ ਦੀ ਸਵਾਰੀ: ਬੱਚੀ ਨੂੰ ਆਪਣੀ ਗੋਦ ਵਿੱਚ ਬਿਠਾਓ ਅਤੇ ਬਾਹਾਂ ਹੇਠੋਂ ਫੜੋ। ਕੁਰਸੀ ਦੇ ਕਿਨਾਰੇ ’ਤੇ ਆ ਕੇ ਹੌਲੀ-ਹੌਲੀ ਗੋਡੇ ਉੱਪਰ-ਹੇਠਾਂ ਕਰੋ, ਅਤੇ ਆਪਣੇ ਬਚਪਨ ਦੀ ਕੋਈ ਲੋਰੀ ਜਾਂ ਤੁਕਬੰਦੀ ਗਾਓ।
ਲਿਫ਼ਟ: ਪਿੱਠ ਦੇ ਭਾਰ ਲੇਟੋ ਅਤੇ ਬੱਚੀ ਨੂੰ ਆਪਣੇ ਉੱਪਰ ਚੁੱਕਦੇ ਹੋਏ ਕਹੋ, "ਮੈਂ ਤੈਨੂੰ ਚੁੰਮਣ ਲੱਗਾ ਹਾਂ!" ਹੌਲੀ-ਹੌਲੀ ਹੇਠਾਂ ਲਿਆਓ ਅਤੇ ਚੁੰਮੀ ਦਿਓ।

3. ਲੁਕਣ-ਮੀਟੀ
ਲੁਕਣ-ਮੀਟੀ ਅਤੇ ਮੂੰਹ ਲੁਕਾਉਣ ਵਾਲੀ ਖੇਡ ਬੱਚੀ ਨੂੰ ਸਿਖਾਉਂਦੀ ਹੈ ਕਿ ਚੀਜ਼ਾਂ ਅਤੇ ਲੋਕ ਨਜ਼ਰ ਨਾ ਆਉਣ ’ਤੇ ਵੀ ਮੌਜੂਦ ਰਹਿੰਦੇ ਹਨ; ਉਹ ਸਮਝੇਗੀ ਕਿ ਤੁਸੀਂ ਦਿਸੋ ਨਾ ਤਾਂ ਵੀ ਉੱਥੇ ਹੀ ਹੋ।
ਲੁਕਣ-ਮੀਟੀ: ਆਪ ਲੁਕੋ ਜਾਂ ਕੋਈ ਖਿਡੌਣਾ ਲੁਕਾਓ ਅਤੇ ਬੱਚੀ ਨੂੰ ਲੱਭਣ ਲਈ ਕਹੋ। ਛੋਟੇ ਬੱਚਿਆਂ ਨਾਲ ਹੱਥਾਂ ਨਾਲ ਮੂੰਹ ਢਕੋ, ਫਿਰ ਹੱਥ ਹਟਾ ਕੇ ਕਹੋ "ਝਾਤੀ!" ਵਾਰ-ਵਾਰ ਖੇਡੋ!

4. ਬੁਲਬੁਲੇ
ਬੱਚੇ ਦੇ ਆਲੇ-ਦੁਆਲੇ ਬੁਲਬੁਲੇ ਛੱਡੋ ਅਤੇ ਉਸ ਨੂੰ ਉਨ੍ਹਾਂ ਨੂੰ ਮਾਰਨ, ਫੜਨ ਜਾਂ ਆਪਣੇ ’ਤੇ ਡਿੱਗਣ ਦੇਣ ਲਈ ਉਤਸ਼ਾਹਿਤ ਕਰੋ। ਇਹ ਬਹੁਤ ਮਜ਼ੇਦਾਰ ਹੈ ਅਤੇ ਹੱਥਾਂ ਅਤੇ ਅੱਖਾਂ ਦਾ ਤਾਲਮੇਲ ਵਧਾਉਂਦਾ ਹੈ।

5. ਘਰ ਵਿੱਚ ਮਜ਼ਾ
ਘਰ ਦੀਆਂ ਚੀਜ਼ਾਂ ਨਾਲ ਬੱਚੇ ਨੂੰ ਕਲਪਨਾ ਵਾਲੀਆਂ ਖੇਡਾਂ ਖਿਡਾਓ ਅਤੇ ਨਾਲ ਹੀ ਸਰੀਰਕ ਤਾਲਮੇਲ ਵਧਾਓ। ਬੱਚੇ ਨੂੰ ਲੱਕੜ ਦੇ ਚਮਚੇ ਨਾਲ ਭਾਂਡੇ ਵਜਾਉਣ ਦੀ ਆਵਾਜ਼ ਬਹੁਤ ਪਸੰਦ ਆਵੇਗੀ, ਅਤੇ ਸ਼ਾਇਦ ਉਹ ਛਾਨਣੀ ਨੂੰ ਟੋਪੀ ਬਣਾ ਲਵੇ। ਜਦੋਂ ਬੱਚਾ ਵੱਧ ਹਿੱਲਣ-ਜੁੱਲਣ ਲੱਗੇ, ਤਾਂ ਬੈਠਕ ਵਿੱਚ ਗੱਦੀਆਂ, ਸਿਰਹਾਣਿਆਂ ਅਤੇ ਕੰਬਲਾਂ ਨਾਲ ਰੁਕਾਵਟਾਂ ਵਾਲਾ ਰਸਤਾ ਬਣਾਓ। ਬੱਚੇ ਨੂੰ ਇਹ ਬਹੁਤ ਪਸੰਦ ਆਵੇਗਾ!

ਮਾਪਿਆਂ ਲਈ ਹੋਰ ਲੇਖ